- Reported By: Joginder Singh
- Channel: Vasda Punjab
- Last Updated: Tue Sep 17 2024
- Location: Punjab, India
- Category: RELIGION
ਸਰੀ, 14 ਸਤੰਬਰ (ਜੋਗਿੰਦਰ ਸਿੰਘ)-ਸਿੱਖ ਸਿਧਾਂਤਾਂ ਤੇ ਰਹਿਤ ਮਰਿਯਾਦਾ ਬਾਰੇ ਜਾਗਰੂਕਤਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੋਏ ਹੁਕਮਨਾਮਾਇਆਂ ਦੀ ਰੌਸ਼ਨੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਾਰੇ ਸਿੱਖ ਸੰਗਤਾਂ ਤੇ ਵਿਦੇਸ਼ਾਂ 'ਚ ਬੈਠੇ ਸਿੱਖ ਪਰਿਵਾਰਾਂ ਤੇ ਖ਼ਾਸਕਰ ਨੌਜਵਾਨਾਂ 'ਚ ਚੇਤਨਤਾ ਲਿਆਉਣ ਲਈ ਸਰੀ ਦੇ ਸਿੱਖ ਆਗੂਆਂ ਵਲੋਂ ਇਕ ਲਹਿਰ ਖੜੀ ਕਰਨ ਉਪਰਾਲਾ ਕੀਤਾ ਗਿਆ | ਇਸ ਬਾਰੇ ਸਰੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਾਹਿਬ 'ਚ ਬੁਲਾਈ ਗਈ ਇਕ ਪ੍ਰੈਸ ਕਾਨਫਰੰਸ 'ਚ ਜਿਥੇ ਇਨ੍ਹਾਂ ਸਿੱਖ ਆਗੂਆਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਬਾਰੇ ਜਾਗਰੂਕਤਾ ਸਬੰਧੀ ਮੁਹਿੰਮ ਚਲਾਉਣ ਦਾ ਪ੍ਰਗਟਾਵਾ ਕੀਤਾ ਗਿਆ, ਉਥੇ ਇਸ ਮੌਕੇ ਪੁੱਜੇ ਕਈ ਸਿੱਖ ਮੀਡੀਆ ਕਰਮੀਆਂ ਨੇ ਇਸ ਲਹਿਰ ਨਾਲ ਸਮੁੱਚੇ ਸਿੱਖ ਭਾਈਚਾਰੇ ਦੀ ਲਾਮਬੰਦੀ ਕਰਨ 'ਤੇ ਜ਼ੋਰ ਦਿੰਦਿਆਂ ਇਹ ਲਹਿਰ ਚਲਾਉਂਦਿਆਂ ਦੂਰਅੰਦੇਸੀ, ਹਮੇਸ਼ਾ ਸਦਭਾਵਨਾ ਵਾਲਾ ਮਹੌਲ ਅਤੇ ਗੁਰੂ ਸਾਹਿਬ ਦੇ ਸਮੁੱਚੀ ਮਾਨਵਤਾ ਨੂੰ ਕੁਲਾਵੇ 'ਚ ਲੈਣ ਵਾਲੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਨੂੰ ਅੱਗੇ ਰੱਖ ਕੇ ਚੱਲਣ ਦਾ ਸੁਨੇਹਾ ਦਿੱਤਾ | ਪ੍ਰੈਸ ਕਾਨਫਰੰਸ ਦੇ ਬੁਲਾਰਿਆਂ ਨੂੰ ਸਵਾਲਾਂ ਦੇ ਨਾਲ-ਨਾਲ ਸੀਨੀਅਰ ਪੱਤਰਕਾਰ ਸ.ਹਰਜੀਤ ਸਿੰਘ ਗਿੱਲ, ਗੁਰਪ੍ਰੀਤ ਸਹੋਤਾ, ਸ਼. ਹਰਕੀਰਤ ਸਿੰਘ ਅਤੇ ਬਲਜਿੰਦਰ ਕੌਰ ਵਲੋਂ ਦਿੱਤੇ ਸੁਝਾਅ ਅਤੇ ਭਵਿੱਖ ਦੀਆਂ ਕਈ ਚਿੰਤਾਵਾਂ ਤੇ ਸਿੱਖ ਭਾਈਚਾਰੇ ਵਲੋਂ ਆਨਲਾਈਨ ਪ੍ਰੋਗਰਾਮਾਂ ਦੌਰਾਨ ਆ ਰਹੀ ਰਾਇ ਬਾਰੇ ਪ੍ਰਬੰਧਕਾਂ ਨੂੰ ਦੱਸਣ ਕਰਕੇ ਇਹ ਪ੍ਰੈਸ ਕਾਨਫਰੰਸ ਇਕ ਸੈਮੀਨਾਰ ਦਾ ਹੀ ਰੂਪ ਲੈ ਗਈ | ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਈ ਬਿਕਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸਾਡੇ ਜਾਗਤ ਗੁਰੂ ਹਨ, ਉਨ੍ਹਾਂ ਦਾ ਸਤਿਕਾਰ ਹਮੇਸ਼ਾ ਬਹਾਲ ਰੱਖਣਾ ਹਰ ਸਿੱਖ ਦਾ ਫਰਜ਼ ਹੈ ਤੇ ਇਸ ਬਾਰੇ ਸਮੁੱਚੇ ਸਿੱਖ ਭਾਈਚਾਰੇ ਨੂੰ ਜਾਗਰੂਕ ਕਰਨ ਅਤੇ ਖ਼ਾਸਕਰ ਸਾਡੀ ਨੌਜਵਾਨ ਪੀਡ਼ੀ ਜੋ ਵਿਦੇਸ਼ਾਂ ਦੀ ਜੰਮਪਲ ਹੈ, ਉਨ੍ਹਾਂ ਨੂੰ ਗੁਰੂ ਸਾਹਿਬ ਦੀ ਮਹਾਨਤਾ ਤੇ ਰਹਿਤ ਮਰਿਯਾਦਾ ਤੇ ਗੁਰੂ ਸਾਹਿਬ ਜੀ ਦਾ ਸਤਿਕਰ ਕਿਸ ਤਰਾਂ ਕਰੀਏ, ਇਸ ਬਾਰੇ ਦੱਸਣਾ ਹੀ ਇਸ ਮੁਹਿੰਮ ਦਾ ਮੁੱਖ ਮੁੱਦਾ ਰਹੇਗਾ | ਇਸ ਦੌਰਾਨ ਆਉਣ ਵਾਲੀ ਕਿਸੇ ਵੀ ਚਣੌਤੀ ਨੂੰ ਸਦਭਾਵਨਾ ਤੇ ਮਿਲ ਬੈਠ ਕੇ ਹੱਲ ਕਰਨਾ ਉਨ੍ਹਾਂ ਦੀ ਪਹਿਲ ਕਦਮੀ ਰਹੇਗੀ | ਉਨ੍ਹਾਂ ਕਿਹਾ ਕਿ ਇਹ ਲਹਿਰ ਸਿੱਖ ਸੰਗਤ ਵਲੋਂ ਹੀ ਸ਼ੁਰੂ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਸ ਨੂੰ ਜਥੇਬੰਦਕ ਰੂਪ ਵੀ ਦਿੱਤਾ ਜਾਵੇਗਾ | ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਵਿਆਹ ਮੌਕੇ ਆਨੰਦ ਕਾਰਜਾਂ ਦੀ ਰਸਮ ਗੁਰੂ ਘਰਾਂ ਜਾਂ ਆਪਣੇ ਘਰਾਂ 'ਚ ਗੁਰੂ ਸਾਹਿਬ ਜੀ ਦੇ ਸਤਿਕਾਰ ਤੇ ਪਵਿੱਤਰਤਾ ਦਾ ਪੂਰਾ ਧਿਆਨ ਰੱਖਦਿਆਂ ਕੀਤੇ ਜਾਣ | ਉਨ੍ਹਾਂ ਇਸ ਲਈ ਸਮੁੱਚੀ ਸਿੱਖ ਸੰਗਤ ਪਾਸੋਂ ਤੇ ਗੁਰਦੁਆਰਾ ਕਮੇਟੀਆਂ ਪਾਸੋਂ ਸਹਿਯੋਗ ਵੀ ਮੰਗਿਆ | ਇਸ ਮੌਕੇ ਭਾਈ ਗਗਨ ਸਿੰਘ ਨੇ ਦੱਸਿਆ ਬਹੁਤ ਸਾਰੇ ਵਿਆਹਾਂ ਦੌਰਾਨ ਗੁਰੂ ਸਾਹਿਬ ਦੇ ਪਵਿੱਤਰ ਸਰੂਪ ਹੋਟਲਾਂ, ਮੈਰਿਜ ਪੈਲਿਸਾਂ ਦੀ ਤਰਜ 'ਤੇ ਬਣੇ ਫਾਰਮ ਹਾਊਸਾਂ 'ਚ ਲਿਜਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦਿਖਾਈ ਜਾ ਰਹੀ ਹੈ ਤੇ ਇਹ ਬੇਅਦਬੀ ਵੀ ਹੈ, ਜਿਸ ਸਬੰਧੀ ਇਕ ਵੀਡੀਓ ਵੀ ਪੱਤਰਕਾਰਾਂ ਨੂੰ ਦਿਖਾਈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਜਿਹੜੇ ਪਰਿਵਾਰ ਇਸ ਗੱਲ ਤੋਂ ਜਾਣੂ ਨਹੀਂ ਕਿ ਹੁਕਮਨਾਮੇ ਅਨੁਸਾਰ ਪਵਿੱਤਰ ਸਰੂਪ ਕਈ ਅਜਿਹੀਆਂ ਥਾਵਾਂ 'ਤੇ ਨਹੀਂ ਲਿਜਾਏ ਜਾ ਸਕਦੇ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਭਾਈ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਗੁਰੂ ਸਾਹਿਬ ਜੀ ਦੇ ਸਤਿਕਾਰ ਤੇ ਅਨੰਦ ਕਾਰਜਾਂ ਦੀ ਰਸਮ ਬਾਰੇ ਜਾਰੀ ਹੁਕਮਨਾਮੇ ਸਬੰਧੀ ਉਨ੍ਹਾਂ ਵਲੋਂ ਵਿਆਹ ਪ੍ਰੋਗਰਾਮਾਂ ਵਾਲੇ ਪਰਿਵਾਰਾਂ ਤੇ ਸਬੰਧਤ ਥਾਵਾਂ ਵਾਲਿਆਂ ਨੂੰ ਵੀ ਭਰੋਸੇ 'ਚ ਲਿਆ ਜਾਂਦਾ | ਇਸ ਮੌਕੇ ਸਿੱਖ ਨੌਜਵਾਨ ਮਹਿਤਾਬ ਸਿੰਘ ਤੇ ਇਮਰਾਨ ਕੌਰ ਨੇ ਵੀ ਆਪਣੇ ਵਿਚਾਰ ਰੱਖੇ ਤੇ ਇਥੋਂ ਦੀ ਨਵੀਂ ਪੀਡ਼ੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਾਰੇ ਜਾਗਰੂਕ ਹੋਣ ਸੱਦਾ ਦਿੱਤਾ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਨਵੀਂ ਪੀਡ਼ੀ ਨੂੰ ਜਾਗਰੂਕ ਕਰਨ ਲਈ ਪੰਜਾਬੀ ਦੇ ਨਾਲ ਅੰਗਰੇਜੀ 'ਚ ਦੱਸਿਆ ਜਾ ਰਿਹਾ ਤੇ ਇਸ ਬਾਰੇ ਆਉਣ ਵਾਲੇ ਸਮੇਂ 'ਚ ਲਿਖਤੀ ਜਾਣਕਾਰੀ ਵੀ ਵੰਡੀ ਜਾਵੇਗੀ | ਇਸ ਮੌਕੇ ਭਾਈ ਜਗਜੀਤ ਸਿੰਘ, ਜਸਵੀਰ ਸਿੰਘ ਅਤੇ ਜਸਦੀਪ ਸਿੰਘ ਵੀ ਹਾਜ਼ਰ ਸਨ |